ਕਨੇਡਾ ( ਹਲਚਲ ਬਿਊਰੋ)
ਕੈਨੇਡਾ ‘ਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੇ ਇਨਡੋਰ ਸਟੇਡੀਅਮ ਵਿਖੇ ਬਾਬਾ ਫਰੀਦ ਜੀ ਵਾਲੀਬਾਲ ਕਲੱਬ ਵਲੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ।1992 ਤੋਂ ਲਗਾਤਾਰ ਕਰਵਾਏ ਜਾ ਰਹੇ ਇਸ ਟੂਰਨਾਮੈਂਟ ‘ਚ ਇਸ ਵਾਰ ਇੰਟਰ ਸਟੇਟ ਕੈਨੇਡਾ ਦੀਆਂ ਟੀਮਾਂ ਤੋਂ ਇਲਾਵਾ ਅਮਰੀਕਾ ਤੋਂ ਵੀ ਟੀਮਾਂ ਨੇ ਭਾਗ ਲਿਆ। ਕੁੱਲ 36 ਟੀਮਾਂ ‘ਚੋਂ ਫਸਵੇਂ ਮੁਕਾਬਲਿਆਂ ‘ਚੋਂ ਉੱਭਰ ਕੇ ਫਾਈਨਲ ਮੁਕਾਬਲੇ ਤੱਕ ਪੁੱਜੀਆਂ ਟੀਮਾਂ ‘ਚੋਂ ਬੀ ਟਾਊਨ ਕਲੱਬ ਕੈਨੇਡਾ ਦੀ ਟੀਮ ਪਹਿਲੇ ਅਤੇ ਆਲ ਫਰੈਂਡਜ ਸਪੋਰਟਸ ਕਲੱਬ ਕੈਲਗਿਰੀ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਇਨ੍ਹਾਂ ਤੋਂ ਇਲਾਵਾ ਜਿੰਦਰ ਕਲੱਬ ਵਿਨੀਪੈੱਗ ਦੀ ਟੀਮ ਤੀਸਰੇ ਤੇ ਯੂਨਾਇਟਡ ਪੰਜਾਬ ਕੇਸਰੀ ਕਲੱਬ ਟਰਾਂਟੋ ਦੀ ਟੀਮ ਚੌਥੇ ਸਥਾਨ ‘ਤੇ ਰਹੀ।


ਇਸ ਮੌਕੇ ਕਲੱਬ ਦੇ ਪ੍ਰਧਾਨ ਜਗਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਖੇਡ ਮੈਦਾਨਾਂ ਤੋਂ ਸੁਰੂ ਹੋਇਆ ਵਾਲੀਬਾਲ ਸ਼ੂਟਿੰਗ ਦਾ ਸੌਂਕ ਇਥੇ ਦੇ ਇਨਡੋਰ ਸਟੇਡੀਅਮਾਂ ਤੱਕ ਲੈ ਆਇਆ। ਉਨ੍ਹਾਂ ਇਸ ਖੇਡ ਮੇਲੇ ‘ਤੇ ਪੁੱਜੇ ਸਮੂਹ ਖਿਡਾਰੀਆਂ ਅਤੇ ਦਰਸ਼ਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਇਹ ਦੱਸਿਆ ਕਿ ਵਾਲੀਬਾਲ ਖੇਡ ਉਨ੍ਹਾਂ ਨੂੰ ਵਿਰਸੇ ‘ਚੋਂ ਮਿਲੀ ਹੈ ਤੇ ਇਸ ਸਮੇਂ ਉਨ੍ਹਾਂ ਦੀ ਤੀਜੀ ਪੀੜੀ ਵੀ ਵਾਲੀਬਾਲ ਖੇਡ ਰਹੀ ਹੈ।
ਇਸ ਮੌਕੇ ਖੇਡ ਮੇਲੇ ਦੀ ਕੈਨੇਡਾ ‘ਚ ਸ਼ੁਰੂਆਤ ਕਰਨ ਵਾਲੇ ਪਰਮਿੰਦਰ ਸਿੰਘ ਟੀਟੂ ਜਨੇਤਪੁਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਿੰਨ ਦਹਾਕੇ ਪਹਿਲਾਂ ਕੈਨੇਡਾ ‘ਚ ਸੁਰੂ ਕੀਤਾ ਇਹ ਟੂਰਨਾਮੈਂਟ ਹੁਣ ਵਿਸ਼ਾਲ ਰੂਪ ਲੈ ਗਿਆ ਤੇ ਇਸ ਵਾਰ ਵੱਡੀ ਗਿਣਤੀ ‘ਚ ਟੂਰਨਾਮੈਂਟ ਵਿਚ ਖਿਡਾਰੀਆਂ ਤੇ ਦਰਸ਼ਕਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਨੂੰ ਸਫਲਤਾ ਨਾਲ ਨੇਪਰੇ ਚਾੜਨ ਲਈ ਹਰੇਕ ਮੈਂਬਰ ਦਾ ਸਹਿਯੋਗ ਰਿਹਾ।
ਇਸ ਮੌਕੇ ਕਲੱਬ ਦੇ ਬੁਲਾਰੇ ਵਰਿੰਦਰ ਸਿੰਘ ਖੱਟੜਾ ਨੇ ਦੱਸਿਆ ਵਾਲੀਬਾਲ ਸ਼ੂਟਿੰਗ ਪੰਜਾਬ ਤੋਂ ਬਾਅਦ ਕੈਨੇਡਾ ‘ਚ ਵੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਬਣ ਗਈ ਹੈ ਤੇ ਪੰਜਾਬ ਚ ਇਹ ਖੇਡ ਮਾਲਵੇ ਖੇਤਰ ਚ ਮੁੱਖ ਤੌਰ ‘ਤੇ ਖੇਡੀ ਜਾਂਦੀ ਹੈ। ਇਸ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਭਾਰਤ ਤੋਂ ਇਲਾਵਾ ਪਾਕਿਸਤਾਨ ‘ਚ ਹਰ ਪੇਂਡੂ ਖੇਡ ਮੇਲੇ ਦਾ ਸਿੰਗਾਰ ਬਣਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਇਕ ਖਿਡਾਰੀ ਤੋਂ ਬਾਅਦ ਹੁਣ ਪ੍ਰਬੰਧਕ ਵਜੋਂ ਵੀ ਵਿਚਰ ਰਹੇ ਹਨ।
ਇਸ ਖੇਡ ਮੇਲੇ ਦੇ ਦੂਸਰੇ ਦਿਨ ਵਿਸ਼ੇਸ਼ ਤੌਰ ‘ਤੇ ਪੁੱਜੇ ਉੱਘੇ ਪੱਤਰਕਾਰ ਹਰਜੀਤ ਸਿੰਘ ਗਿੱਲ ਨੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਪ੍ਰਧਾਨ ਜਗਦੇਵ ਸਿੰਘ ਢਿੱਲੋਂ ਤੇ ਹੋਰ ਪ੍ਰਬੰਧਕ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਕਲੱਬ ਵਲੋਂ ਪਵਨ ਮਲਕ, ਜੱਗ ਬਰਾੜ, ਰਾਘੀ ਧਾਲੀਵਾਲ ਨੇ ਵੀ ਟੀਮਾਂ ਨੂੰ ਜੀ ਆਇਆ ਆਖਿਆ। ਇਸ ਖੇਡ ਮੇਲੇ ‘ਚ 45 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਸੋਅ ਮੈਚ ਵੀ ਕਰਵਾਏ ਗਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਪੂਰੇ ਅਨੰਦ ਨਾਲ ਦੇਖਿਆ। ਇਸ ਖੇਡ ਮੇਲੇ ਤੇ ਵੱਡੀ ਗਿਣਤੀ ‘ਚ ਦਰਸ਼ਕਾਂ ਨੇ ਵੀ ਸਮੂਲੀਅਤ ਕੀਤੀ। ਜੇਤੂ ਟੀਮਾਂ ਨੂੰ ਇਨਾਮ ਵੰਡਣ ਸਮੇਂ ਗੁਰਮੇਲ ਸਿੰਘ ਗਿੱਲ, ਹਰਦੇਵ ਸਿੰਘ ਢਿੱਲੋਂ, ਸੁਖਚੈਨ ਸਿੰਘ ਗਿੱਲ, ਮਾਸਟਰ ਰਾਜਾ ਅਖਾੜਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Scroll to Top